#ਫ਼ਾਰਸੀ-ਉਰਦੂ ਕਾਵਿ ਦਾ ਲਿਪੀਅੰਤਰਨ
(੧)ਵਾਓ ਅਤੇ ਇਜ਼ਾਫ਼ੇ ਦਾ ਵਜੂਦ
ਅੱਜ ਇੱਕ ਬਹੁਤ ਹੀ ਵਧੀਆ ਅਤੇ ਸਲਾਹੁਣਯੋਗ ਕੰਮ ਹੋ ਰਿਹਾ ਹੈ ਖ਼ਾਸ ਕਰਕੇ ਉਰਦੂ ਤੋਂ ਜਾਂ ਫ਼ਾਰਸੀ ਆਦਿ ਭਾਸ਼ਾਵਾਂ 'ਤੋ ਗੁਰਮੁਖੀ 'ਚ #ਲਿਪੀਅੰਤਰਣ ਕੀਤਾ ਜਾ ਰਿਹਾ ਹੈ। ਜਿੱਥੋਂ ਤੱਕ ਵਾਰਤਕ ਜਾਂ ਪ੍ਰੋਜ਼ ਦੀ ਗੱਲ ਹੈ ਕੋਈ ਖਾ਼ਸ ਦਿੱਕਤ ਨਹੀਂ ਆਉਂਦੀ। ਪਰ ਜਿਦੋਂ ਕਵਿਤਾ(ਛੰਦਾਤਮਕ ਆਦਿ) ਦੀ ਗੱਲ ਆਉਂਦੀ ਹੈ ਤਾਂ ਇਹ ਖ਼ਾਸ ਧਿਆਨ ਮੰਗਦੀ ਹੈ, ਤਾਂ ਕਿ ਛੰਦ/ਬਹਿਰਾਂ 'ਚ ਜਾਂ ਕਵਿਤਾ ਦੇ ਆਹੰਗ/ਲਯ-ਤਾਲ 'ਚ ਕੋਈ ਊਣਤਾਈ ਨਾ ਆ ਜਾਵੇ। ਫ਼ਾਰਸੀ-ਉਰਦੂ ਕਾਵਿ ਪਰੰਪਰਾ 'ਚ ਛੰਦ ਬਹੁਤ ਹੀ ਵੱਡਾ ਮੁਕਾਮ ਰੱਖਦਾ ਹੈ। ਅੰਗ੍ਰੇਜ਼ੀ ਦੇ ਕਵੀ ਤੇ ਆਲੋਚਕ #ਕਾਲਰਿਜ(S. T. Coleridge) ਕਹਿੰਦੇ ਹਨ ਕਿ ,"ਛੰਦ ਕੋਈ ਜਗਾੜੂ ਚੀਜ਼ ਨ੍ਹਈਂ ਹੈ ਸਗੋਂ ਇਹ ਤਾਂ ਕਵਿਤਾ ਦਾ ਅਨਿੱਖੜਵਾਂ ਅੰਗ ਹੈ।" ਕਿਸੇ ਵੀ ਭਾਸ਼ਾ ਦੀ ਪਰਵਿਰਤੀ ਨੂੰ ਮੁੱਖ ਰੱਖ ਕੇ ਹੀ ਲਿਪਿਅੰਤਰਣ ਕੀਤਾ ਜਾਣਾ ਚਾਹੀਦਾ ਹੈ।
ਫ਼ਾਰਸੀ-ਉਰਦੂ ਦੀ ਲਿੱਪੀ (script) 'ਚ ਛੋਟੇ ਸ੍ਵਰਾਂ ਨੂੰ ਚਿਨ੍ਹਾਂ ਨਾਲ਼ ਦਰਸ਼ਾਇਆ ਜਾਂਦਾ ਹੈ ਪਰ ਇਹਨਾਂ ਚਿਨ੍ਹਾਂ(#Diacritcal marks) ਦਾ ਇਸਤੇਮਾਲ ਨਾ ਬਰਾਬਰ ਹੀ ਹੁੰਦਾ ਹੈ। ਤੇ ਫ਼ਾਰਸੀ ਵਿੱਚ '#ਇਜ਼ਾਫ਼ਾ' (ਇਜ਼ਾਫ਼ਤ) ਦਾ ਬਹੁਤ ਹੀ ਜ਼ਰੂਰੀ ਕੰਮ ਹੁੰਦਾ ਹੈ ਇਸਦਾ ਸ਼ਾਬਦਿਕ ਅਰਥ ਵੀ ਕਿਸੇ ਸ਼ਬਦ ਵਿੱਚ ਇਜ਼ਾਫ਼ਾ ਕਰਨਾ ਹੁੰਦਾ ਹੈ। ਅਤੇ ਫ਼ਾਰਸੀ ਕਾਵਿਤਾ ਵਿੱਚ 'ਜ਼ਿਹਾਫ਼'(ਵਜ਼ਨ ਵਿੱਚ ਵਾਧਾ-ਘਾਟਾ ਕਰਨਾ:ਲਘੂ ਨੂੰ ਗੁਰੂ ਤੇ ਗੁਰੂ ਨੂੰ ਲਘੂ ਕਰਿਆ ਜਾਂਦਾ ਹੈ) ਵੀ ਆਮਤੌਰ ਤੇ ਇਜ਼ਾਫ਼ਤ ਨਾਲ਼ 'ਤੇ ਯੋਜਕ 'ਵ'(ਵਾਓ-ਅਤੇ) ਨਾਲ਼ ਲਗਦਾ ਹੈ। ਉਰਦੂ 'ਚ ਵੀ ਇਸ ਤਰ੍ਹਾਂ ਹੀ ਹੈ ਕਿਉਂਕਿ ਉਰਦੂ ਦੀ ਕਾਵਿ ਪਰੰਪਰਾ ਵੀ ਫ਼ਾਰਸੀ ਦੀ ਕਾਵਿ ਪਰੰਪਰਾ ਦਾ ਪੈਡਾ ਨੱਪਦੀ ਹੈ, ਅਨੁਸਰਣ ਕਰਦੀ ਹੈ।
ਇਸ ਲਈ ਫ਼ਾਰਸੀ ਅਤੇ ਉਰਦੂ ਕਵਿਤਾ ਦਾ ਲਿਪਿਅੰਤਰਣ ਵੀ ਇਸ ਨੂੰ ਮੁੱਖ ਰੱਖ ਕੇ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਵਜ਼ਨ ਦੇ ਮੁਤਾਬਕ ਹੀ 'ਵ', 'ਓ' ਅਤੇ 'ਇ/ੇ' ਦੀ ਵਰਤੋਂ ਕੀਤੀ ਜਾਣੀ ਚਾਹੀਦੀ ਦੀ ਹੈ। ਇਹਨਾਂ 'ਚ ਇ, ਏ, ਜਾਂ 'ੇ' 'ਚ ਤਾਂ ਛੁੱਟ ਮਿਲ਼ ਸਕਦੀ ਹੈ ਜਾਂ ਇਹਨਾਂ ਚੋਂ ਕਿਸੇ ਵੀ ਰੂਪ ਨਾਲ਼ ਲਿਖਿਆ ਜਾ ਸਕਦਾ ਹੈ, ਪਰ ਜਿਹੜੀ ਜਗ੍ਹਾ ਤੇ ਇਜ਼ਾਫ਼ਤ ਲਗਦੀ ਹੈ ਉੱਥੇ ਨਾ ਲਾਉਣ ਨਾਲ ਉਹਦਾ ਆਹੰਗ ਭਿੱਟਿਆ ਜਾਂਦਾ ਹੈ। ਮਿਸਾਲ ਦੇ ਤੌਰ ਤੇ ਕੁਝ ਸ਼ਿਅਰ ਦੇਖੇ ਜਾ ਸਕਦੇ ਹਨ, ਅਤੇ ਕਈ ਵਾਰੀ ਤਾਂ ਬਹਿਰ ਹੀ ਨਾ ਦਰੁਸਤ ਹੋ ਜਾਂਦੀ ਹੈ:
مرحوم کوۓ جاناں مقتول تیر ہجراں
ਮਰਹੂਮ ਕੂਏ ਜਾਨਾਂ ਮਕਤੂਲ ਤੀਰ ਹਿਜਰਾਂ
ਨੂੰ ਇਜ਼ਾਫ਼ਤ ਲਾ ਕੇ ਪੜ੍ਹਨਾ ਵਧੇਰੇ ਸਹੀ ਹੈ-
مستفعل فعولن مستفعلن فعولن
SSIS ISS SSIS ISS
ਮਰਹੂਮਿ-ਕੂਇ-ਜਾਨਾਂ ਮਕ਼ਤੂਲਿ-ਤੀਰਿ-ਹਿਜਰਾਂ
ਇਸ ਨੂੰ ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ ਹੈ:
ਮਰਹੂਮੇ-ਕੂਏ-ਜਾਨਾਂ ਮਕਤੂਲੇ-ਤੀਰੇ ਹਿਜਰਾਂ
ਇ;ਏ;ੇ ਤਾਂ ਪਾਈ ਜਾ ਸਕਦੀ ਹੈ ਪਰ ਵਾਓ ਦਾ ਉੱਚਾਰਣ ਕਵਿਤਾ 'ਚ 'ਵ' ਅਤੇ 'ਓ' ਬਹਿਰ ਮੁਤਾਬਕ ਹੀ ਕੀਤਾ ਜਾਂਦਾ ਹੈ। ਜਿਵੇਂ:
سرشار و رند بے دین اندوہناک غمگین
زار و نزار و حیران جو کچھ کہ ہوں سو میں ہوں
'ਸਰਸ਼ਾਰ ਵ' ਲਿਖਣਾ ਇਸ ਬਹਿਰ 'ਚ ਗ਼ਲਤ ਹੈ।
ਸਰਸ਼ਾਰੋ/ਸਰਸ਼ਾਰ-ਓ-/ਸਰਸ਼ਾਰੁ- ਜੋ ਵੀ ਲਿਖਿਆ ਜਾਵੇ ਪਰ ਵਜ਼ਨ SSI ਹੀ ਰਹੂਗਾ ਅਤੇ ਸਰਸ਼ਾਰੋ 'ਚ 'ਰੋ' ਦਾ ਉਚਾਰਨ ਛੋਟਾ ਕਰਨਾ ਹੈ। ਅਤੇ ਇਸ ਸ਼ਿਅਰ ਵਿੱਚ 'ਵਾਓ' ਦਾ ਉੱਚਾਰਣ ਕਿਤੇ ਵੀ 'ਵ' ਦੇ ਰੂਪ 'ਚ ਨਹੀ ਕੀਤਾ ਜਾ ਸਕਦਾ।
S S I SI S S SSI S I S S
ਸਰਸ਼ਾਰੋ-ਰਿੰਦ-ਬੇ-ਦੀਂ ਅੰਦੂਹਨਾਕ, ਗ਼ਮਗੀਂ
ਜ਼ਾਰੋ-ਨਜ਼ਾਰੋ-ਹੈਰਾਂ ਜੋ ਕੁਛ ਕਿ ਹੂੰ ਸੋ ਮੈਂ ਹੂੰ।
SS I S I SS S S I S I S S
(ਫ਼ਾਰਸੀ ਵਿੱਚ 'ਰਿੰਦਿ-ਬੀ ਦੀਨ੍' ਕਹਿੰਦੇ ਹਨ)
'ਸੋ ਮੈਂ ਹੂੰ' ਦਾ ਹਿੰਦੀ ਮਾਤ੍ਰਿਕ ਭਾਰ- ਗੁਰੂ ਗੁਰੂ ਗੁਰੂ (੨੨੨) ਹੁੰਦਾ ਹੈ ਪਰ ਫ਼ਾਰਸੀ ਦੇ ਛੰਦਾਂ 'ਚ ਜ਼ਿਹਾਫ਼ ਇੱਥੇ ਗੁਰੂ ਨੂੰ ਲਘੂ ਕਰਦਾ ਹੈ। ਜਿਵੇ 'ਸੋ' ਦਾ ਵਜ਼ਨ ੨ ਨਾ ਹੋ ਕੇ ੧ ਹੁੰਦਾ ਹੈ ਤੇ 'ਸੋ' ਦਾ ਉੱਚਾਰਣ 'ਸੁ' ਹੋ ਜਾਂਦਾ ਹੈ। ਪਰ ਇਹਨੂੰ ਲਿਖਿਆ 'ਸੋ' ਹੀ ਜਾਉਗਾ ਕਿਉਂਕਿ ਹਿੰਦੀ ਵਿੱਚ (ਉਰਦ-ਹਿੰਦੀ: ਮੂਲ ਰੂਪ 'ਚ ਇੱਕ ਹੀ ਭਾਸ਼ਾ ਹੈ) 'ਸੋ' ਹੀ ਹੁੰਦਾ ਹੈ।
ਪਹਿਲੇ ਜ਼ਾਰ ਦੇ ਨਾਲ ਵਾਲਾ 'ਵਾਓ' 'ਓ' ਦੇ ਰੂਪ 'ਚ ਜ਼ਿਹਾਫ਼ ਲੱਗਿਆ ਹੋਇਆ ਹੈ ਜੀਹਨੂੰ ਜ਼ੋਰ ਦੇ ਕੇ ਪੜ੍ਹਨਾ ਹੈ। ਅਤੇ ਦੂਜੇ ਨਜਾ਼ਰੋ ਨੂੰ ਬਿਨਾਂ ਜ਼ੋਰ ਤੋਂ।
ਜੋ ਕੋਈ ਵੀ #ਜ਼ਿਹਾਫ਼ ਕੰਮ ਕਿਵੇਂ ਕਰਦਾ ਹੈ ਵੇਖਣ ਦਾ ਮਾਇਲ(ਚਾਹਵਾਨ) ਹੈ ਤਾਂ ਫ਼ਾਰਸੀ ਦੀ ਕਿਸੇ ਮਸਨਵੀ 'ਚ ਵੇਖ ਸਕਦਾ ਹੈ। ਮਸਲਨ: ਸ਼ਾਹਨਾਮਾ, ਮਸਨਵੀਏ-ਮਅਨਵੀ,
ਜ਼ਿੰਦਗੀਨਾਮਾ, ਜ਼ਫ਼ਰਨਾਮਾ ਆਦਿ।
Note: ਇਸ ਮਸਲੇ ते ਵੱਖ-ਵੱਖ ਵਿਚਾਰ ਹਨ। ਉਤਾਂਹ ਲਿਖੇ ਸ਼ਬਦ ਹਰਫ਼ਿ-ਆਖ਼ਿਰ ਨਹੀ ਹਨ।
Jagdish Singh Ramána
No comments:
Post a Comment